ਰਾਜਧਾਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਲਾਲ ਰੰਗ ਵਿੱਚ ਉਹ ਦੇਸ਼ ਜਿਹਨਾਂ ਦੀਆਂ ਰਾਜਧਾਨੀਆਂ ਉਹਨਾਂ ਦੇ ਸਭ ਤੋਂ ਵੱਡੇ ਸ਼ਹਿਰ ਨਹੀਂ ਹਨ।
     ਤਟਵਰਤੀ ਰਾਜਧਾਨੀਆਂ ਵਾਲੇ ਦੇਸ਼      ਗ਼ੈਰ-ਤਟਵਰਤੀ ਰਾਜਧਾਨੀਆਂ ਵਾਲੇ ਦੇਸ਼      ਗ਼ੈਰ-ਤਟਵਰਤੀ ਦੇਸ਼
     ਇੱਕ ਤੋਂ ਵੱਧ ਰਾਜਧਾਨੀਆਂ ਵਾਲੇ ਦੇਸ਼      ਦੇਸ਼ ਜਿਹਨਾਂ ਦੀਆਂ ਪਹਿਲਾਂ ਇੱਕ ਤੋਂ ਵੱਧ ਰਾਜਧਾਨੀਆਂ ਸਨ

ਰਾਜਧਾਨੀ ਉਹ ਨਗਰਪਾਲਿਕਾ ਹੁੰਦੀ ਹੈ, ਜਿਸਨੂੰ ਕਿਸੇ ਦੇਸ਼, ਮੁਲਕ, ਪ੍ਰਦੇਸ਼, ਸੂਬੇ ਜਾਂ ਹੋਰ ਪ੍ਰਸ਼ਾਸਕੀ ਖੇਤਰ ਵਿੱਚ ਸਰਕਾਰ ਦੀ ਗੱਦੀ ਦੇ ਬਤੌਰ ਮੁਢਲਾ ਰੁਤਬਾ ਹਾਸਲ ਹੁੰਦਾ ਹੈ। ਰਾਜਧਾਨੀ ਮਿਸਾਲੀ ਤੌਰ 'ਤੇ ਇੱਕ ਸ਼ਹਿਰ ਹੁੰਦਾ ਹੈ, ਜਿੱਥੇ ਸਬੰਧਤ ਸਰਕਾਰ ਦੇ ਦਫ਼ਤਰ ਅਤੇ ਸੰਮੇਲਨ-ਟਿਕਾਣੇ ਸਥਿੱਤ ਹੁੰਦੇ ਹਨ ਅਤੇ ਆਮ ਤੌਰ 'ਤੇ ਆਪਣੇ ਕਨੂੰਨ ਜਾਂ ਸੰਵਿਧਾਨ ਦੁਆਰਾ ਨਿਰਧਾਰਤ ਹੁੰਦੀ ਹੈ।

ਪਰਿਭਾਸ਼ਾਵਾਂ[ਸੋਧੋ]

ਰਾਜਧਾਨੀ ਸੰਸਕ੍ਰਿਤ ਸ਼ਬਦ 'राजधानी' ਤੋਂ ਆਇਆ ਹੈ। ਰਾਜਧਾਨੀ ਆਮ ਤੌਰ 'ਤੇ ਸੰਘਟਕ ਖੇਤਰ ਦਾ ਸਭ ਤੋਂ ਵੱਡਾ ਸ਼ਹਿਰ ਹੁੰਦਾ ਹੈ ਪਰ ਲਾਜ਼ਮੀ ਤੌਰ 'ਤੇ ਨਹੀਂ।

ਅਨੋਖੇ ਰਾਜਧਾਨੀ ਇੰਤਜ਼ਾਮ[ਸੋਧੋ]

ਬਹੁਤ ਸਾਰੇ ਸੂਬਿਆਂ ਦੀਆਂ ਦੋ ਤੋਂ ਵੱਧ ਰਾਜਧਾਨੀਆਂ ਹਨ ਅਤੇ ਕੁਝ ਅਜਿਹੇ ਵੀ ਹਨ ਜਿਹਨਾਂ ਦੀ ਕੋਈ ਰਾਜਧਾਨੀ ਨਹੀਂ ਹੈ।

  • ਚਿਲੀ: ਭਾਵੇਂ ਦੇਸ਼ ਦਾ ਰਾਸ਼ਟਰੀ ਮਹਾਂ-ਸੰਮੇਲਨ ਬਾਲਪਾਰਾਇਸੋ ਵਿੱਚ ਹੁੰਦਾ ਹੈ ਪਰ ਰਾਜਧਾਨੀ ਸਾਂਤਿਆਗੋ ਹੈ।
  • ਚੈੱਕ ਗਣਰਾਜ: ਪਰਾਗ ਹੀ ਇੱਕੋ-ਇੱਕ ਸੰਵਿਧਾਨਕ ਰਾਜਧਾਨੀ ਹੈ। ਬ੍ਰਨੋ ਵਿੱਚ ਦੇਸ਼ ਦੀਆਂ ਤਿੰਨੋਂ ਸਰਬ-ਉੱਚ ਅਦਾਲਤਾਂ ਸਥਿੱਤ ਹਨ ਜੋ ਇਸਨੂੰ ਚੈੱਕ ਅਦਾਲਤੀ ਸ਼ਾਖਾ ਦੀ ਯਥਾਰਥ ਰਾਜਧਾਨੀ ਬਣਾਉਂਦੇ ਹਨ।
  • ਫ਼ਿਨਲੈਂਡ: ਗਰਮੀਆਂ ਦੌਰਾਨ ਰਾਸ਼ਟਰਪਤੀ ਨਾਨਤਲੀ ਵਿੱਚ ਕੁਲਤਾਰਾਂਤਾ ਵਿੱਚ ਨਿਵਾਸ ਕਰਦਾ ਹੈ ਅਤੇ ਸਰਕਾਰ ਦੀਆਂ ਸਾਰੀਆਂ ਰਾਸ਼ਟਰਪਤੀ ਬੈਠਕਾਂ ਵੀ ਉੱਥੇ ਹੀ ਹੁੰਦੀਆਂ ਹਨ।
  • ਫ਼ਰਾਂਸ: ਫ਼ਰਾਂਸੀਸੀ ਸੰਵਿਧਾਨ ਕਿਸੇ ਵੀ ਸ਼ਹਿਰ ਨੂੰ ਰਾਜਧਾਨੀ ਵਜੋਂ ਮਾਨਤਾ ਨਹੀਂ ਦਿੰਦਾ। ਕਨੂੰਨ ਮੁਤਾਬਕ[੧] ਪੈਰਿਸ ਸੰਸਦ ਦੇ ਦੋਵੇਂ ਸਦਨਾਂ (ਰਾਸ਼ਟਰੀ ਸਭਾ ਅਤੇ ਸੈਨੇਟ) ਦਾ ਟਿਕਾਣਾ ਹੈ ਪਰ ਉਹਨਾਂ ਦੇ ਸਾਂਝੇ ਮਹਾਂਸੰਮੇਲਨ "ਵਰਸੇਯੇ ਦੇ ਸ਼ਾਹੀ-ਮਹੱਲ" ਵਿੱਚ ਹੁੰਦੇ ਹਨ। ਸੰਕਟ ਦੀ ਘੜੀ ਵਿੱਚ ਸੰਵਿਧਾਨਕ ਤਾਕਤਾਂ ਕਿਸੇ ਹੋਰ ਸ਼ਹਿਰ ਵਿੱਚ ਬਦਲੀਆਂ ਜਾ ਸਕਦੀਆਂ ਹਨ ਤਾਂ ਜੋ ਸੰਸਦਾਂ ਦੇ ਟਿਕਾਣੇ ਰਾਸ਼ਟਰਪਤੀ ਅਤੇ ਮੰਤਰੀ-ਮੰਡਲ ਵਾਲੀਆਂ ਥਾਂਵਾਂ 'ਤੇ ਹੀ ਰਹਿ ਸਕਣ।
  • ਜਰਮਨੀ: ਅਧਿਕਾਰਕ ਰਾਜਧਾਨੀ ਬਰਲਿਨ ਸੰਸਦ ਅਤੇ ਪ੍ਰਬੰਧਕੀ ਵਿਭਾਗ ਅਤੇ ਕਾਰਗਰ ਸਫ਼ਾਰਤਖ਼ਾਨੇ ਦੀਆਂ ਸਰਬ-ਉੱਚ ਸ਼ਾਖਾਵਾਂ ਦਾ ਟਿਕਾਣਾ ਹੈ। ਅਨੇਕਾਂ ਮੰਤਰਾਲੇ ਸਾਬਕਾ ਪੱਛਮੀ ਜਰਮਨ ਰਾਜਧਾਨੀ ਬਾਨ ਵਿੱਚ ਸਥਿੱਤ ਹਨ, ਜਿਸਨੂੰ ਹੁਣ ਸੰਘੀ ਸ਼ਹਿਰ ਕਿਹਾ ਜਾਂਦਾ ਹੈ। ਸੰਘੀ ਸੰਵਿਧਾਨਕ ਅਦਾਲਤ ਦਾ ਟਿਕਾਣਾ ਕਾਰਲਸਰੂਹ ਵਿੱਚ ਹੈ ਜਿਸ ਕਰਕੇ ਇਸਨੂੰ ਜਰਮਨੀ ਦੀ "ਅਦਾਲਤੀ ਰਾਜਧਾਨੀ" ਕਿਹਾ ਜਾਂਦਾ ਹੈ; ਜਰਮਨੀ ਦੀ ਕੋਈ ਵੀ ਉੱਚ-ਅਦਾਲਤ ਬਰਲਿਨ ਵਿੱਚ ਸਥਿੱਤ ਨਹੀਂ ਹੈ।
  • ਮਲੇਸ਼ੀਆ: ਕੁਆਲਾ ਲੰਪੁਰ ਸੰਵਿਧਾਨਕ ਰਾਜਧਾਨੀ ਅਤੇ ਸੰਸਦ ਦਾ ਟਿਕਾਣਾ ਹੈ ਪਰ ਸੰਘੀ ਪ੍ਰਸ਼ਾਸਨ ਕੇਂਦਰ ਅਤੇ ਅਦਾਲਤਾਂ ਨੂੰ ੩੦ ਕਿਲੋਮੀਟਰ ਦੱਖਣ ਵੱਲ ਨੂੰ ਪੁਤਰਾਜ ਵਿਖੇ ਲਿਆਂਦਾ ਗਿਆ ਸੀ।
  • ਮਿਆਂਮਾਰ (ਬਰਮਾ): ਨੇਪੀਡਾਅ ਨੂੰ ੨੦੦੫ ਵਿੱਚ ਰਾਸ਼ਟਰੀ ਰਾਜਧਾਨੀ ਨਿਵਾਜਿਆ ਗਿਆ ਸੀ, ਜਿਸ ਸਾਲ ਇਸਦੀ ਸਥਾਪਨਾ ਹੋਈ ਸੀ ਪਰ ਬਹੁਤੇਰੇ ਸਰਕਾਰੀ ਦਫ਼ਤਰ ਅਤੇ ਸਿਫ਼ਾਰਤਖ਼ਾਨੇ ਅਜੇ ਵੀ ਯੈਂਗਨ (ਰੰਗੂਨ) ਵਿੱਚ ਸਥਿੱਤ ਹਨ।
  • ਨਾਉਰੂ: ਨਾਉਰੂ, ਜੋ ਕਿ ੨੧ ਵਰਗ ਕਿ.ਮੀ. ਦਾ ਇੱਕ ਛੋਟਾ ਜਿਹਾ ਦੇਸ਼ ਹੈ, ਦੀ ਕੋਈ ਨਿਵੇਕਲੀ ਰਾਜਧਾਨੀ ਨਹੀਂ ਹੈ, ਸਗੋਂ ਇੱਕ ਰਾਜਧਾਨਿਕ ਜ਼ਿਲ੍ਹਾ ਹੈ।
  • ਸ੍ਰੀਲੰਕਾ: ਸ੍ਰੀ ਜੈਵਰਧਨੇਪੁਰਾ ਕੋਟੇ ਅਧਿਕਾਰਕ ਰਾਜਧਾਨੀ ਹੈ ਜਦਕਿ ਸਾਬਕਾ ਰਾਜਧਾਨੀ ਕੋਲੰਬੋ ਨੂੰ "ਵਪਾਰਕ ਰਾਜਧਾਨੀ" ਕਿਹਾ ਜਾਂਦਾ ਹੈ। ਪਰ ਬਹੁਤ ਸਾਰੇ ਸਰਕਾਰੀ ਦਫ਼ਤਰ ਅਜੇ ਵੀ ਕੋਲੰਬੋ ਵਿੱਚ ਹੀ ਸਥਿੱਤ ਹਨ।
  • ਦੱਖਣੀ ਅਫ਼ਰੀਕਾ: ਪ੍ਰਸ਼ਾਸਕੀ ਰਾਜਧਾਨੀ ਪ੍ਰਿਟੋਰੀਆ ਹੈ, ਵਿਧਾਨਕ ਰਾਜਧਾਨੀ ਕੇਪ ਟਾਊਨ ਹੈ ਅਤੇ ਅਦਾਲਤੀ ਰਾਜਧਾਨੀ ਬਲੂਮਫੋਂਟੈਨ ਹੈ। ਇਹ ਉਸ ਰਾਜ਼ੀਨਾਮੇ ਦਾ ਨਤੀਜਾ ਹੈ ਜਿਸਦੇ ਸਦਕਾ ੧੯੧੦ ਵਿੱਚ ਦੱਖਣੀ ਅਫ਼ਰੀਕਾ ਦਾ ਸੰਘ ਹੋਂਦ ਵਿੱਚ ਆਇਆ।
  • ਸਵਿਟਜ਼ਰਲੈਂਡ: ਬਰਨ ਸਵਿਟਰਜ਼ਰਲੈਂਡ ਦਾ ਸੰਘੀ ਸ਼ਹਿਰ ਹੈ ਅਤੇ ਯਥਾਰਥ ਰੂਪ 'ਚ ਰਾਜਧਾਨੀ ਦਾ ਕੰਮ ਕਰਦੀ ਹੈ ਪਰ ਸਵਿਟਜ਼ਰੀ ਸਰਬ-ਉੱਚ ਅਦਾਲਤ ਲੌਸੈਨ ਵਿੱਚ ਸਥਿੱਤ ਹੈ।
  • ਤਨਜਾਨੀਆ: ਦੋਦੋਮਾ ੧੯੭੩ ਵਿੱਚ ਰਾਸ਼ਟਰੀ ਰਾਜਧਾਨੀ ਮਿੱਥੀ ਗਈ ਸੀ ਪਰ ਜ਼ਿਆਦਾਤਰ ਸਰਕਾਰੀ ਦਫ਼ਤਰ ਅਤੇ ਸਿਫ਼ਾਰਤਖ਼ਾਨੇ ਅਜੇ ਵੀ ਦਰ ਅਸ ਸਲਾਮ ਵਿੱਚ ਸਥਿੱਤ ਹਨ।
  • ਮੋਨਾਕੋ, ਸਿੰਘਾਪੁਰ ਅਤੇ ਵੈਟੀਕਨ ਸਿਟੀ ਸ਼ਹਿਰ-ਰੂਪੀ ਮੁਲਕ ਹਨ ਅਤੇ ਇਸ ਕਰਕੇ ਇਹਨਾਂ ਦੀ ਸੰਪੂਰਨ ਦੇਸ਼ ਤੋਂ ਅਲਹਿਦਾ ਕੋਈ ਰਾਜਧਾਨੀ ਨਹੀਂ ਹੈ।

ਇਹ ਵੀ ਵੇਖੋ[ਸੋਧੋ]

ਰਾਸ਼ਟਰੀ ਰਾਜਧਾਨੀਆਂ ਦੀ ਸੂਚੀ

ਹਵਾਲੇ[ਸੋਧੋ]