ਗੁਰਸ਼ਰਨ ਸਿੰਘ ਦੇ ਨਾਟਕ : The Tribune India

ਗੁਰਸ਼ਰਨ ਸਿੰਘ ਦੇ ਨਾਟਕ

ਗੁਰਸ਼ਰਨ ਸਿੰਘ ਦੇ ਨਾਟਕ

ਗੁਰਸ਼ਰਨ ਸਿੰਘ ਦੇ ਨਾਟਕ (ਭਾਗ ਪਹਿਲਾ)

ਸੰਪਾਦਕ: ਕੇਵਲ ਧਾਲੀਵਾਲ (ਸੰਪਰਕ: 98142-99422)

ਮੁੱਲ: 250 ਰੁਪਏ, ਪੰਨੇ 431

ਪ੍ਰਕਾਸ਼ਕ: ਮੰਚ ਰੰਗਮੰਚ, ਅੰਮ੍ਰਿਤਸਰ

ਗੁਰਸ਼ਰਨ ਭਾਅ ਜੀ ਉਰਫ਼ ਮੰਨਾ ਸਿੰਘ ਸਾਡੇ ਸਮਿਆਂ ਦਾ ਅਜਿਹਾ ਲੋਕ ਨਾਇਕ ਸੀ, ਜਿਸ ਨੇ ਆਪਣਾ ਪੂਰਾ ਜੀਵਨ ਅੜੇ ਥੁੜ੍ਹੇ, ਕਿਸਾਨਾਂ, ਮਜ਼ਦੂਰਾਂ ਦੇ ਲੇਖੇ ਲਾ ਦਿੱਤਾ। ਉਨ੍ਹਾਂ ਨੇ ਸੰਸਾਰ ਦੀ ਸਭ ਤੋਂ ਪ੍ਰਾਚੀਨ ਵਿਧਾ ਨਾਟਕ ਨੂੰ ਆਪਣੇ ਵਿਚਾਰਾਂ ਅਤੇ ਚਿੰਤਨ ਦੇ ਸੰਚਾਰ ਲਈ ਸਭ ਤੋਂ ਸ਼ਕਤੀਸ਼ਾਲੀ ਮਾਧਿਅਮ ਦੇ ਤੌਰ ’ਤੇ ਵਰਤਿਆ। ਸਮਕਾਲੀ ਸਮੱਸਿਆਵਾਂ ਵਿੱਚੋਂ ਨਾਟਕੀ ਸੂਝ ਰਾਹੀਂ ਸੰਦੇਸ਼ ਘੜ ਲੈਣਾ, ਵੇਖਣ ਵਿਚ ਭਾਵੇਂ ਸੌਖਾ ਜਾਪੇ, ਪਰ ਇਹ ਏਨਾ ਸੌਖਾ ਹੁੰਦਾ ਨਹੀਂ ਕਿਉਂਕਿ ਸਮਕਾਲੀ ਸਮੱਸਿਆਵਾਂ ਰੂਪ ਪਰਿਵਰਤਨ ਕਰਕੇ ਕਈ ਰੂਪ ਧਾਰ ਜਾਂਦੀਆਂ ਹਨ ਪਰ ਭਾਅ ਜੀ ਕੋਲ ਤਾਂ ਇਕ ਮਿਸ਼ਨ ਸੀ ਕਿ ਕਿਵੇਂ  ਨਾ ਕਿਵੇਂ ਭਗਤ ਸਿੰਘ ਦੀ ਸੋਚ ਤੇ ਸੁਪਨਿਆਂ ਨੂੰ ਸਾਕਾਰ ਕਰਨਾ ਹੈ। ਇਸ ਪਹਿਲੇ ਭਾਗ ਵਿਚ ਕੁੱਲ ਪੰਝੀ ਨਾਟਕ ਹਨ। ਇਨ੍ਹਾਂ ਵਿਚ ਉਹ ਪ੍ਰਸਿੱਧ ਨਾਟਕ ਵੀ ਸ਼ਾਮਲ ਹਨ ਜੋ ਪੰਜਾਬ ਦੇ ਕੋਨੇ-ਕੋਨੇ ਵਿਚ ਖੇਡੇ ਗਏ ਅਤੇ ਲੋਕ ਸਿਮਰਤੀਆਂ ਦਾ ਅੰਗ ਬਣ ਗਏ। ਇਨ੍ਹਾਂ ਵਿਚ ਪ੍ਰਮੁੱਖ ਹਨ- ਧਮਕ ਨਗਾਰੇ ਦੀ, ਸੀਸ ਤੀਲੀ  ’ਤੇ, ਬੇਗਮੋ ਦੀ ਧੀ, ਟੁੰਡਾ ਹੌਲਦਾਰ, ਸੁਖੀ ਬਸੈ ਮਸਕੀਨੀਆ, ਕਿਵ ਕੂੜੈ ਤੁਟੈ ਪਾਲ, ਸੂਰਮੇ ਦੀ ਸਿਰਜਣਾ, ਪੁਰਜ਼ਾ-ਪੁਰਜ਼ਾ ਕਟ ਮਰੇ, ਤੱਤੀ ਤਵੀ, ਤਬੈ ਰੋਸ ਜਾਗਯੋ, ਗੁਰੂ ਲਾਧੋ ਰੇ, ਨਿਓਟਿਆਂ ਦੀ ਓਟ, ਇਨ੍ਹਾਂ ਦੀ ਸਭ ਤੋਂ ਵੱਡੀ ਖੂਬੀ ਇਹੋ ਹੈ ਕਿ ਇਹ ਪੰਜਾਬ ਦੇ ਸ਼ਬਦ ਸੱਭਿਆਚਾਰ ਵਿੱਚੋਂ ਆਪਣਾ ਪੈਗਾਮ ਸਿਰਜਦੇ ਹਨ ਅਤੇ ਉਸ ਨੂੰ ਲੋਕ ਸੱਭਿਆਚਾਰ ਦਾ ਸਹਿਜ ਅੰਗ ਬਣਾ ਦੇਂਦੇ ਹਨ।

ਭਾਗ ਦੂਜਾ

ਮੁੱਲ 250 ਰੁਪਏ, ਪੰਨੇ 279

ਦੂਸਰੇ ਭਾਗ ਵਿਚ ਵੀ ਕੁਝ ਪੰਝੀ ਨਾਟਕ ਹਨ। ਇਸ ਹਿੱਸੇ ਵਿਚ ਵੀ ਬੜੇ ਯਾਦਗਾਰੀ ਨਾਟਕ ਸ਼ਾਮਲ ਹਨ ਜੋ ਕਈ ਵਾਰ ਵੱਖ-ਵੱਖ ਥਾਵਾਂ ’ਤੇ ਖੇਡੇ ਗਏ। ‘ਜੰਗੀ ਰਾਮ ਦੀ ਹਵੇਲੀ’ ਨਾਟਕ ਤਾਂ ਕਈ ਭਾਰਤੀ ਭਾਸ਼ਾਵਾਂ ਵਿਚ ਅਨੁਵਾਦ ਹੋ ਕੇ ਖੇਡਿਆ ਗਿਆ। ਨੁੱਕੜ ਨਾਟਕ ਸ਼ੈਲੀ ਭਾਅ ਜੀ ਦੇ ਨਾਟਕਾਂ ਦਾ ਵੱਡਾ ਗੁਣ ਹੈ। ਬਿਨਾਂ ਕਿਸੇ ਵਿਸ਼ੇਸ਼ ਮੰਚ ਸੱਜਾ ਜਾਂ ਵੇਸ਼ ਭੂਸ਼ਾ ਦੇ ਯਥਾਰਥਕ ਰੂਪ ਵਿਚ ਖੇਡੇ ਗਏ ਇਨ੍ਹਾਂ ਨਾਟਕਾਂ ਦਾ ਵੱਡਾ ਪ੍ਰਭਾਵ ਅਦਾਕਾਰੀ ਅਤੇ ਡਾਇਲਾਗ ’ਤੇ ਨਿਰਭਰ ਕਰਦਾ ਹੈ।  ਦਰਸ਼ਕ ਸਹਿਜੇ ਹੀ ਉਨ੍ਹਾਂ ਦੇ ਮੁੱਖ ਮਕਸਦ ਨੂੰ ਗ੍ਰਹਿਣ ਕਰ ਜਾਂਦੇ ਹਨ। ਇਸ ਵਿਚ ਸ਼ਾਮਲ ਨਾਟਕਾਂ ਵਿਚ ਪ੍ਰਮੁੱਖ ਹਨ- ਚੰਡੀਗੜ੍ਹ ਪੁਆੜੇ ਦੀ ਜੜ੍ਹ, ਬਾਬਾ ਬੋਲਦਾ ਹੈ, ਹਿਟ ਲਿਸਟ, ਜੰਗੀ ਰਾਮ ਦੀ ਹਵੇਲੀ, ਇਨਕਲਾਬ ਜ਼ਿੰਦਾਬਾਦ, ਹੋਰ ਭੀ  ਉਠਸੀ ਮਰਦਾ  ਕਾ ਚੇਲਾ, ਤੇ ਦੇਵ ਪੁਰਸ਼ ਹਾਰ ਗਏ ਭਾਅ ਜੀ ਦੇ ਨਾਟਕਾਂ ਦੀ ਇਹ ਵੱਡੀ ਦੇਣ ਹੈ ਕਿ  ਉਨ੍ਹਾਂ ਨੇ ਬਹੁਤ ਸਾਰੇ ਨਾਵਲਾਂ ਤੇ ਕਹਾਣੀਆਂ ਨੂੰ ਨਾਟਕੀ ਵਿਧਾ ਵਿਚ ਰੂਪਾਂਤਰ ਕਰਕੇ ਪੇਸ਼ ਕੀਤਾ ਹੈ। ਪਰ ਨਾਲ ਹੀ ਉਨ੍ਹਾਂ ਵਿਚ ਮੌਲਿਕ ਛਾਪ ਵੀ ਛੱਡੀ ਹੈ।

ਭਾਗ ਤੀਜਾ

ਮੁੱਲ 250 ਰੁਪਏ, ਪੰਨੇ 280

ਭਾਅ ਜੀ ਜਿੱਥੇ ਨਾਟਕਕਾਰ ਦੇ ਤੌਰ ’ਤੇ ਪੰਜਾਬੀ ਸਾਹਿਤ ਵਿਚ ਵਿਸ਼ੇਸ਼ ਥਾਂ ਦੇ ਹੱਕਦਾਰ ਹਨ, ਉੱਥੇ ਵਿਚਾਰਧਾਰਕ ਤੌਰ ’ਤੇ ਉਹ ਪ੍ਰਤੀਬੱਧ ਕਿਸਮ ਦੇ ਇਨਸਾਨ ਸਨ। ਅਜਿਹੇ ਇਨਸਾਨ ਕਦੇ ਵੀ ਲੋਕ ਹਿੱਤਾਂ ਤੋਂ ਪਰੇ ਜਾ ਕੇ ਕੋਈ ਸਮਝੌਤੇ ਨਹੀਂ ਕਰਦੇ ਅਤੇ ਆਪਣੀ ਵਿਚਾਰਧਾਰਕ  ਦ੍ਰਿੜ੍ਹਤਾ ’ਤੇ ਸਖਤਾਈ ਨਾਲ ਪਹਿਰਾ ਦੇਂਦੇ ਹਨ। ਭਾਵੇਂ ਐਮਰਜੈਂਸੀ ਵਿਚ ਉਨ੍ਹਾਂ ਨੂੰ ਖੱਜਲ-ਖੁਆਰ ਕੀਤਾ ਗਿਆ, ਜੇਲ੍ਹ ਵਿਚ ਡੱਕਿਆ ਗਿਆ, ਨੌਕਰੀ ਤੋਂ ਹੱਥ ਧੋਣੇ ਪਏ ਪਰ ਉਨ੍ਹਾਂ ਆਪਣੇ ਅਸੂਲ ਨਹੀਂ ਛੱਡੇ। ਹਮੇਸ਼ਾ ਇਨਕਲਾਬੀ ਤਾਕਤਾਂ ਦੇ ਹੱਕ ਵਿਚ ਭੁਗਤੇ। ਇਸ ਪੁਸਤਕ ਦੇ ਨਾਟਕ ਇਸ ਗੱਲ ਦੇ ਗਵਾਹ ਹਨ। ਇਨ੍ਹਾਂ ਵਿਚ ਪ੍ਰਮੁੱਖ ਹਨ- ਕੰਮੀਆਂ ਦਾ ਵਿਹੜਾ, ਅਸੀਂ ਯੁੱਗ ਸਿਰਜਾਂਗੇ, ਕਵਿਤਾ ਦਾ ਕਤਲ, ਨਿੱਕਰ ਰਾਜ, ਪਾਣੀ, ਲਾਰੇ, ਠੱਗੀ, ਸ਼ਹੀਦ, ਸੰਕਟ ਹੈ ਸੰਕਟ ਨਹੀਂ। ਇਨ੍ਹਾਂ ਨਾਟਕਾਂ ਨੂੰ ਉਨ੍ਹਾਂ ਨੇ ਲੋਕਾਂ ਵਿਚ ਖੇਡ ਕੇ, ਜਿੱਥੇ ਲੋਕਾਂ ਨੂੰ ਜਾਗ੍ਰਿਤ ਕੀਤਾ, ਉੱਥੇ ਸਮੇਂ ਦੇ ਹਾਕਮਾਂ ਨੂੰ ਲਲਕਾਰਿਆ ਵੀ।

ਭਾਗ ਚੌਥਾ

ਮੁੱਲ- 250 ਰੁਪਏ, ਪੰਨੇ-252

ਇਸ ਚੌਥੇ ਭਾਗ ਵਿਚ ਵੀ ਪੰਝੀ ਨਾਟਕ ਸ਼ਾਮਲ ਹਨ। ਇਸ ਵਿਚਲਾ ਪਹਿਲਾ ਨਾਟਕ ‘ਸਾਡਾ ਵਿਰਸਾ’ 1966-67 ਵਿਚ ਖੇਡਿਆ ਗਿਆ, ਜਿਸ ਦਾ ਮੁੱਖ ਗਾਇਕ ਨਰਿੰਦਰ ਚੰਚਲ ਸੀ। ਇਸ ਵਿਚਲੇ ਸਾਰੇ ਨਾਟਕ ਭਾਅ ਜੀ ਨੇ 2008 ਤਕ ਖੇਡੇ। ਉਨ੍ਹਾਂ ਲਈ ਨਾਟਕ ਸਭ ਕੁਝ ਸੀ। ਉਹ ਤੁਰੇ-ਫਿਰਦੇ ਨਾਟਕ ਦਾ ਇਤਿਹਾਸ ਸਨ। ਬਲਦੀ ਮਸ਼ਾਲ ਵਾਂਗ ਉਨ੍ਹਾਂ ਇਸ ਨੂੰ ਕਦੇ ਬੁਝਣ ਨਹੀਂ ਦਿੱਤਾ। ਜਦੋਂ ਉਹ ਸਰੀਰਕ ਪੱਖੋਂ ਨਿਤਾਣੇ ਹੋ ਗਏ ਸਨ ਤਾਂ ਵੀ ਉਹ ਕੋਲ ਬਹਿ ਕੇ ਨਾਟਕ ਖਿਡਾਂਦੇ ਰਹੇ।  ਇਹ ਉਨ੍ਹਾਂ ਦੀ ਲੋਕ ਲਹਿਰ ਪ੍ਰਤੀ ਨਿਸ਼ਠਾ ਦਾ ਸਬੂਤ ਸੀ ਕਿ ਸਰੀਰ ਨਾਲੋਂ ਵਿਚਾਰ ਤੇ ਵਿਚਾਰ ਨਾਲੋਂ  ਵਿਚਾਰਧਾਰਾ ਸਦਾ ਜਿਊਣ ਵਾਲੀ ਚੀਜ਼ ਹੈ। ਇਸ ਕਰਕੇ ਇਹ ਦਰਿਆ ਵਾਂਗ ਵਹਿੰਦੀ ਰਹਿਣੀ ਚਾਹੀਦੀ ਹੈ। ਇਸ ਭਾਗ ਵਿਚ ਸਾਡਾ ਵਿਰਸਾ, ਖੁਦਕੁਸ਼ੀ ਨਹੀਂ, ਸੰਘਰਸ਼ ਸਾਡਾ ਨਾਅਰਾ ਹੈ। ਕਸ਼ਮੀਰ, ਇਨਕਲਾਬ ਦੇ ਰਾਹ ’ਤੇ, ਸਾਖੀ ਭਾਈ ਘਨੱਈਆ ਜੀ, ਮੁਖਧਾਰਾ,  ਤਮਾਸ਼ਾ-ਏ-ਹਿੰਦੋਸਤਾਨ, ਤੰਦੂਰ, ਸਤਨਾਮੀ ਬਾਈ, ਹੀਰੋਸ਼ੀਮਾ ਪ੍ਰਮੁੱਖ ਹਨ। ਇਨ੍ਹਾਂ ਨਾਟਕਾਂ ਦੇ ਪਾਤਰ ਅਤੇ ਘਟਨਾਵਾਂ ਸਮਕਾਲੀ ਇਤਿਹਾਸ ਦੇ ਨਾਟਕੀ ਰੂਪਾਂਤਰ ਹਨ।

ਭਾਗ ਪੰਜਵਾਂ

ਮੁੱਲ- 250 ਰੁਪਏ, ਪੰਨੇ- 448

ਇਸ ਭਾਗ ਵਿਚ ਪੰਝੀ ਨਾਟਕ ਹਨ। ਪਹਿਲੇ ਭਾਗ ਦੇ ਨਾਟਕ ਭਾਅ ਜੀ ਦੇ ਮੌਲਿਕ ਨਾਟਕ ਹਨ। ਪਰ ਇਸ ਭਾਗ ਵਿਚਲੇ ਨਾਟਕ ਨਾਵਲ ਤੇ ਕਹਾਣੀਆਂ ਦੇ ਰੂਪਾਂਤਰ ਹਨ, ਜਿਨ੍ਹਾਂ ਵਿਚ ਨਾਨਕ ਸਿੰਘ ਦਾ ਕੋਈ ਹਰਿਆ ਬੂਟ ਰਹੀਓ ਰੀ, ਸੋਹਣ ਸਿੰਘ ਸੀਤਲ ਦਾ ਤੂਤਾਂ ਵਾਲਾ ਖੂਹ, ਏਸੇ ਤਰ੍ਹਾਂ ਮਲੂਕਾ, ਬੰਦੀਵਾਨ, ਨਵਾਂ ਜਨਮ, ਧੂੜ ਉੱਡਦੀ ਰਹੀ, ਲੁੱਕ ਵਿਚ ਫਸੇ ਪੈਰ, ਮਿੱਟੀ ਦਾ ਮੁੱਲ, ਕਿਹਰੂ ਦਸ ਨੰਬਰੀਆ, ਮੇਰੀ ਧਰਤੀ ਮੇਰੇ ਲੋਕ, ਵਰਨਣਯੋਗ ਹਨ।  ਪੰਜਾਬੀ ਨਾਟਕ ਤੇ ਰੰਗਮੰਚ ਵਿਚ ਇਹ ਇਕ ਵਿਲੱਖਣ ਤਜਰਬਾ ਸੀ ਕਿ ਪ੍ਰਸਿੱਧ ਨਾਵਲਾਂ ਅਤੇ ਕਹਾਣੀਆਂ ਦੇ ਰੂਪਾਂਤਰ ਕਰਕੇ ਉਨ੍ਹਾਂ ਨੂੰ ਪੇਸ਼ ਕੀਤਾ ਜਾਵੇ। ਇਨ੍ਹਾਂ ਨਾਟਕਾਂ ਵਿਚ ਨਾਵਲ ਕਹਾਣੀ ਵਾਲੀ ਮੌਲਿਕਤਾ ਵੀ ਕਾਇਮ ਰੱਖੀ ਹੈ ਪਰ ਉਨ੍ਹਾਂ ਨੂੰ ਨਾਟਕੀ ਵਿਧਾ ਵਿਚ ਢਾਲਣ ਵੇਲੇ ਆਪਣੀਆਂ ਲੋੜਾਂ ਅਤੇ ਪੇਸ਼ਕਾਰੀ ਨੂੰ ਵੀ ਪ੍ਰਮੁੱਖਤਾ ਦਿੱਤੀ ਹੈ। ਇਹ ਸਾਰੇ ਨਾਟਕ ਏਨੀ ਵਾਰੀ ਖੇਡੇ ਗਏ ਹਨ ਕਿ ਪੇਂਡੂ ਖੇਤਰਾਂ ਵਿਚ ਇਹ ਚਰਚਾ ਦਾ ਵਿਸ਼ਾ ਰਹੇ ਹਨ।

ਭਾਗ ਛੇਵਾਂ

ਮੁੱਲ- 250 ਰੁਪਏ, ਪੰਨੇ- 445

ਇਸ ਭਾਗ ਵਿਚ ਵੀ ਪਹਿਲੇ ਭਾਗ ਵਾਂਗ ਅਨੁਵਾਦਤ ਅਤੇ ਰੂਪਾਂਤਰ ਕਰਕੇ ਤਿਆਰ ਕੀਤੇ ਪੰਝੀ ਨਾਟਕ ਸ਼ਾਮਲ ਹਨ। ਇਸ ਵਿਚ ਸ਼ਾਮਲ ਬਲਵੰਤ ਗਾਰਗੀ ਦੇ ਪ੍ਰਸਿੱਧ ਨਾਟਕ ਕਣਕ ਦੀ ਬੱਲੀ ਦਾ ਛੋਟਾ ਰੂਪ ‘ਇਕ ਕੁੜੀ ਇਕ ਬੇਰੀ’ ਭਾਅ ਜੀ ਨੇ 500 ਤੋਂ ਵੱਧ ਵਾਰ ਖੇਡਿਆ। ਏਸੇ ਤਰ੍ਹਾਂ ਪ੍ਰਸਿੱਧ ਨਾਟਕਕਾਰ ਗੁਰਦਿਆਲ  ਸਿੰਘ ਫੁੱਲ ਦੇ ਨਾਟਕ ‘ਜਿਨ ਸੱਚ ਪੱਲੇ ਹੋਇ’ ਦਾ ਛੋਟਾ ਰੂਪ ‘ਭਗੌਤੀ ਦੀ ਸ਼ਕਤੀ’ 2000 ਤੋਂ ਵੱਧ ਵਾਰ ਸਟੇਜਾਂ ’ਤੇ ਖੇਡਿਆ ਗਿਆ। ਇਸੇ ਤਰ੍ਹਾਂ ਹੋਰ ਪ੍ਰਸਿੱਧ ਨਾਟਕਾਂ ਵਿਚ ਸ਼ਾਮਲ ਹਨ- ਮੈਂ ਨਕਸਲਬਾੜੀ ਹਾਂ, ਚਾਂਦਨੀ ਚੌਕ, ਇਹ ਲਹੂ ਕਿਸਦਾ ਹੈ, ਇਕ ਮਾਂ ਦੋ ਮੁਲਕ, ਦਾਸਤਾਨ-ਏ-ਪੰਜਾਬ, ਵਾਰਸ, ਵੀਰਾਨ ਧਰਤੀ ਵੀਰਾਨ ਲੋਕ, ਮਾਂ, ਸਰਪੰਚਣੀ ਆਦਿ ਇਨ੍ਹਾਂ ਵਿਚ ਕਈ ਅੰਗਰੇਜ਼ੀ ਤੋਂ ਵੀ ਅਨੁਵਾਦਤ ਹਨ- ਜਿਵੇਂ ਚੰਨ ਚੜ੍ਹਿਆ, ਕੰਪਨੀ ਰੁੜ੍ਹ ਗਈ, ਇਕ ਮਾਂ ਇਕ ਬੰਬ, ਅਪਰਾਜਿਤ ਤੇ ਮਾਂ ਆਦਿ। ਭਾਅ ਜੀ ਕੋਲ ਸਮਰੱਥ ਨਾਟਕੀ ਭਾਸ਼ਾ ਅਤੇ ਵਿਲੱਖਣ ਅੰਦਾਜ਼-ਏ ਬਿਆਂ ਹੈ। ਇਸੇ ਕਰਕੇ ਉਨ੍ਹਾਂ ਦੀ ਨਾਟਕ ਸ਼ੈਲੀ ਅਤੇ ਰੰਗਮੰਚੀ ਸ਼ੈਲੀ ਨੇ ਆਪਣਾ ਨਿਵੇਕਲਾ ਰੂਪ ਅਖਤਿਆਰ ਕੀਤਾ ਹੈ। ਇਹ ਉਨ੍ਹਾਂ ਦੀ ਬਹੁਤ ਵੱਡੀ ਦੇਣ ਹੈ।

ਭਾਗ ਸੱਤਵਾਂ

ਮੁੱਲ- 250, ਪੰਨੇ- 256

ਇਸ ਆਖਰੀ ਭਾਗ ਵਿਚ ਕੁੱਲ ਵੀਹ ਨਾਟਕ ਹਨ। ਇਨ੍ਹਾਂ ਵਿਚ ਵੀ ਬਹੁਤੇ ਰੂਪਾਂਤਰ ਹਨ ਜਿਵੇਂ ਬਾਰੂ ਸਤਵਰਗ ਦੇ ਨਾਵਲ ਸ਼ਰਧਾ ਦੇ ਫੁੱਲ ਉੱਤੇ ਆਧਾਰਤ ਪ੍ਰਧਾਨ ਡੂੰਗਰ, ਵਰਿਆਮ ਸੰਧੂ ਦੀ ਕਹਾਣੀ ‘ਡੁੰਮ੍ਹ’ ’ਤੇ ਆਧਾਰਤ ਨਾਟਕ ‘ਸਰਪੰਚ’ ਹੈ। ਇਵੇਂ ਦਲੀਪ ਕੌਰ ਟਿਵਾਣਾ ਦੀ ਕਹਾਣੀ ਬੱਸ ਕੰਡਕਟਰ ਨੂੰ ਟੈਲੀਫਿਲਮ ਦੀ ਸਕਰਿਪਟ ਵਾਂਗ ਤਿਆਰ ਕੀਤਾ ਹੈ। ਗਦਰ ਦੀ ਗੰੂਜ ਭੰਗੜੇ ਦੀ ਸ਼ੈਲੀ ’ਤੇ ਆਧਾਰਤ ਨਾਟਕ ਹੈ। ਇਸ ਵਿਚਲੇ ਹੋਰ ਵਰਨਣਯੋਗ ਨਾਟਕਾਂ ਵਿਚ ਸੋਹਣ ਸਿੰਘ ਭਕਨਾ, ਗਦਰ ਲਹਿਰ, ਬੇਗਮਪੁਰੇ ਦਾ ਵਾਸੀ, ਊਧਮ ਸਿੰਘ, ਗਦਰ ਦੀ ਗੂੰਜ, ਅਗਨੀ, ਧਰਮ ਮਾਮਲਾ ਨਿੱਜ ਦਾ, ਰੁਲਦਾ ਸਿੰਘ ਕਿਸਾਨ ਆਦਿ ਹਨ। ਭਾਅ ਜੀ ਕੋਲ ਤਿੱਖਾ ਵਿਅੰਗ ਹੈ ਤੇ ਇਸ ਵਿਅੰਗ ਰਾਹੀਂ ਉਹ ਸਮਾਜ ਦੇ ਉਨ੍ਹਾਂ ਸਰੋਕਾਰਾਂ ਨੂੰ ਨਿਸ਼ਾਨਾ ਬਣਾਉਂਦੇ ਹਨ, ਜਿਹੜੇ ਲੋਕਾਂ ਲਈ ਦੁੱਖਾਂ-ਦਰਦਾਂ ਦੇ ਸਬੱਬ ਹਨ। ਇਸ ਤਰ੍ਹਾਂ ਨਾਟ ਦਾ ਲੰਬਾ ਸਫਰ ਭਾਅ ਜੀ ਦੇ ਉਸ ਦ੍ਰਿੜ ਇਰਾਦੇ, ਨਿਸ਼ਠਾ ਅਤੇ ਪ੍ਰਤੀਬੱਧਤਾ ਦਾ ਜਾਮਨ ਹੈ ਕਿ ਜੇ ਲੋਕਾਂ ਨੂੰ ਮੁਸੀਬਤਾਂ, ਦੁੱਖਾਂ, ਕਲੇਸ਼ਾਂ ਵਿੱਚੋਂ ਕੱਢਣਾ ਹੈ ਤਾਂ ਇਕ ਤਕੜੀ ਲੋਕ ਲਹਿਰ ਉਸਾਰ ਕੇ ਹੀ ਬਰਾਬਰੀ, ਨਿਆਂ ਅਤੇ ਜਮਹੂਰੀ ਹੱਕਾਂ ਦਾ ਸਮਾਜ ਸਿਰਜਿਆ ਜਾ ਸਕਦਾ ਹੈ।

ਭਾਗ ਅੱਠਵਾਂ

ਸਾਡੇ ਸਮਿਆਂ ਦਾ ਲੋਕ ਨਾਇਕ

ਮੁੱਲ- 350 ਰੁਪਏ, ਪੰਨੇ- 384

ਇਸ ਭਾਗ ਵਿਚ ਭਾਅ ਜੀ ਦੇ ਕੰਮ ਦਾ ਮੁਲਾਂਕਣ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਦੇ ਆਪਣੇ ਬਾਰੇ ਲਿਖੇ ਦੋ ਮਹੱਤਵਪੂਰਨ ਲੇਖ ਵੀ ਇਸ ਵਿਚ ਸ਼ਾਮਲ ਹਨ- ਮੇਰੀ ਨਾਟ ਸੰਵੇਦਨਾ ਦੇ ਬੀਜ, ਸਟੇਟ ਅਤੇ ਥੀਏਟਰ ਦਾ ਰਿਸ਼ਤਾ। ਇਹ ਤੋਂ ਇਲਾਵਾ ਉਨ੍ਹਾਂ ਬਾਰੇ ਵਿਦਵਾਨਾਂ ਦੇ ਲਿਖੇ ਲੇਖ ਸ਼ਾਮਲ ਹਨ। ਇਨ੍ਹਾਂ ਵਿਚ ਗੁਲਜ਼ਾਰ ਸੰੰਧੂ, ਰਘਬੀਰ ਸਿੰਘ, ਆਤਮਜੀਤ, ਡਾ. ਸਾਹਿਬ ਸਿੰਘ, ਅਤਰਜੀਤ, ਟੀ.ਆਰ. ਵਿਨੋਦ, ਕਮਲੇਸ਼ ਉਪਲ, ਰਜਿੰਦਰਪਾਲ ਸਿੰਘ, ਅਜਮੇਰ ਔਲਖ, ਸਬਿੰਦਰਜੀਤ ਸਾਗਰ, ਗੁਰਬਚਨ ਭੁੱਲਰ, ਡਾ. ਸ਼ਹਰਯਾਰ, ਸੁਰਜੀਤ ਹਾਂਸ, ਪ੍ਰੋ. ਹਰਭਜਨ ਸਿੰਘ ਤੇ ਬੀ.ਕੇ. ਚੋਪੜਾ ਤੋਂ ਇਲਾਵਾ ਹੋਰ ਵੀ ਕਈ ਲੇਖਕ ਸ਼ਾਮਲ ਹਨ। ਭਾਅ ਜੀ ਦੇ ਜੀਵਨ ਅਤੇ ਨਾਟਕਾਂ ਨਾਲ ਸਬੰਧਤ ਕੁਝ ਲੰਬੀਆਂ ਇੰਟਰਵਿਊਆਂ ਵੀ ਇਸ ਭਾਗ ਵਿਚ ਸ਼ਾਮਲ ਹਨ, ਜਿਨ੍ਹਾਂ  ਵਿਚ ਪਰਮਜੀਤ ਢੀਂਗਰਾ, ਸਤੀਸ਼ ਵਰਮਾ, ਅਵਤਾਰ ਜੰਡਿਆਲਵੀ, ਸੁਸ਼ੀਲ ਦੁਸਾਂਝ, ਸੰਜੀਵ ਗੌੜ ਆਦਿ ਸ਼ਾਮਲ ਹਨ। ਇਸ ਤਰ੍ਹਾਂ ਇਹ ਭਾਗ ਭਾਅ ਜੀ ਨੂੰ ਸਮਝਣ ਲਈ ਵੱਡਮੁੱਲਾ ਗ੍ਰੰਥ ਹੈ। ਉਨ੍ਹਾਂ ਦੀਆਂ ਉਮਰ ਭਰ ਦੀਆਂ ਪ੍ਰਾਪਤੀਆਂ ਦਾ ਲੇਖਾ ਜੋਖਾ ਹੈ। ਸਮੁੱਚੇ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਕੇਵਲ ਧਾਲੀਵਾਲ ਨੇ ਭਾਅ ਜੀ ਨਾਲ ਸਬੰਧਤ ਸਮੱਗ਼ਰੀ ਅਤੇ ਉਨ੍ਹਾਂ ਦੇ ਰਚੇ ਨਾਟਕਾਂ ਨੂੰ ਸੱਤ ਭਾਗਾਂ ਵਿਚ ਇਕੱਠਿਆਂ ਕਰਕੇ ਇਤਿਹਾਸਕ ਮਹੱਤਤਾ ਵਾਲਾ ਕੰਮ ਕੀਤਾ ਹੈ। ਆਸ ਹੈ ਭਾਅ ਜੀ ਦੇ ਪ੍ਰਸੰਸਕ ਪੈਰੋਕਾਰ ਅਤੇ ਉਨ੍ਹਾਂ ਦੀ ਸੋਚ ਨੂੰ ਪ੍ਰਣਾਏ ਕਾਰਕੁਨ ਇਨ੍ਹਾਂ ਪੁਸਤਕਾਂ ਦਾ ਭਰਵਾਂ ਸੁਆਗਤ ਕਰਨਗੇ।

-ਪਰਮਜੀਤ ਢੀਂਗਰਾ

ਸੰਪਰਕ: 94173-58120

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਪਰਵਾਸੀ ਕਾਵਿ

ਪਰਵਾਸੀ ਕਾਵਿ

ਪੁੱਤ! ਮੈਂ ਇੰਡੀਆ ਜਾਣੈ

ਪੁੱਤ! ਮੈਂ ਇੰਡੀਆ ਜਾਣੈ

ਗੁਰਦੁਆਰਾ ਸਾਹਿਬ ਕੈਨਬਰਾ ਦੀ ਨਵੀਂ ਇਮਾਰਤ ਦੀ ਆਰੰਭਤਾ

ਗੁਰਦੁਆਰਾ ਸਾਹਿਬ ਕੈਨਬਰਾ ਦੀ ਨਵੀਂ ਇਮਾਰਤ ਦੀ ਆਰੰਭਤਾ

ਬਰਤਾਨੀਆ ਵਿੱਚ ਹੜਤਾਲਾਂ ਦਾ ਸਿਆਲ

ਬਰਤਾਨੀਆ ਵਿੱਚ ਹੜਤਾਲਾਂ ਦਾ ਸਿਆਲ

ਭਾਰਤੀ ਸਨਅਤਾਂ ਦੇ ਮੰਦੜੇ ਹਾਲ

ਭਾਰਤੀ ਸਨਅਤਾਂ ਦੇ ਮੰਦੜੇ ਹਾਲ

ਸ਼ਹਿਰ

View All